ਚੰਡੀਗੜ੍ਹ : ਪੰਜਾਬ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਸਮੇਂ ’ਤੇ ਡਾਕਟਰੀ ਸਹਾਇਤਾ ਮਿਲ ਸਕੇ, ਇਸ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਇਸ ਲਈ 438 ਰੈਪਿਡ ਰਿਸਪਾਂਸ ਟੀਮਾਂ (ਆਰਆਰਟੀ), 323 ਮੋਬਾਈਲ ਮੈਡੀਕਲ ਟੀਮਾਂ ਅਤੇ 172 ਐਂਬੂਲੈਂਸਾਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹਰ ਜ਼ਰੂਰਤਮੰਦ ਤੱਕ ਡਾਕਟਰੀ ਸਹਾਇਤਾ ਪਹੁੰਚਾਉਣ ਦੀ ਹੈ। ਉਨ੍ਹਾਂ ਉਦਾਹਰਣ ਦੇ ਤੌਰ ’ਤੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਦੋਂ ਪਾਣੀ ਦੇ ਵਧਦੇ ਪੱਧਰ ਕਾਰਨ ਸੱਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਸੀ, ਤਾਂ ਸਿਹਤ ਵਿਭਾਗ ਨੇ ਤੁਰੰਤ ਕਿਸ਼ਤੀ ਐਂਬੂਲੈਂਸਾਂ ਦੀ ਸਹਾਇਤਾ ਨਾਲ ਮਰੀਜ਼ਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਦੌਰਾਨ ਅੱਠ ਗਰਭਵਤੀ ਔਰਤਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਨੇ ਡਾਕਟਰੀ ਨਿਗਰਾਨੀ ਹੇਠ ਸੁਰੱਖਿਅਤ ਤਰੀਕੇ ਨਾਲ ਬੱਚੇ ਨੂੰ ਜਨਮ ਵੀ ਦਿੱਤਾ। ਫਿਰੋਜ਼ਪੁਰ ਦੇ ਹੜ੍ਹ-ਪ੍ਰਭਾਵਿਤ ਟਾਪੂ ਕਾਲੂ ਵਿੱਚ ਵੀ ਇਸੇ ਤਰ੍ਹਾਂ ਦੇ ਉਪਾਅ ਲਾਗੂ ਕੀਤੇ ਗਏ ਹਨ।
ਸਿਹਤ ਕੈਂਪਾਂ ਰਾਹੀਂ ਤਿਆਰੀ ਹੋਈ ਮਜ਼ਬੂਤ
ਸਿਹਤ ਮੰਤਰੀ ਨੇ ਦੱਸਿਆ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸਥਾਪਤ ਸਿਹਤ ਕੈਂਪਾਂ ਰਾਹੀਂ ਡਾਕਟਰੀ ਸਹਾਇਤਾ ਨੂੰ ਹੋਰ ਵਧਾਇਆ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ 241 ਮਰੀਜ਼ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਮੁੱਖ ਤੌਰ ’ਤੇ ਦਸਤ, ਗੈਸਟ੍ਰੋਐਂਟਰਾਈਟਿਸ, ਬੁਖਾਰ, ਚਮੜੀ ਦੀਆਂ ਐਲਰਜੀਆਂ ਅਤੇ ਅੱਖਾਂ ਦੇ ਸੰਕਰਮਣ ਵਾਲੇ ਕੇਸ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ, ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ 2000 ਤੋਂ ਵੱਧ ਵਾਧੂ ਬੈੱਡਾਂ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਹੜ੍ਹਾਂ ਕਾਰਨ ਕਿਸੇ ਵੀ ਵੱਡੀ ਸਿਹਤ ਐਮਰਜੈਂਸੀ ਜਾਂ ਮਹਾਮਾਰੀ ਦਾ ਸਮਨਾ ਕੀਤਾ ਜਾ ਸਕੇ।
ਲੋਕਾਂ ਲਈ ਸਲਾਹ ਤੇ ਹੈਲਪਲਾਈਨ ਸੇਵਾ
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਕੋਈ ਵੀ ਸਮੱਸਿਆ ਸਾਹਮਣੇ ਆਉਣ ’ਤੇ ਸਰਕਾਰ ਦੀ ਟੋਲ-ਫ੍ਰੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਹਰ ਵਿਅਕਤੀ ਨੂੰ ਕੇਵਲ ਉਬਲੇ ਹੋਏ ਜਾਂ ਕਲੋਰੀਨੇਟਡ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਾਲ ਹੀ, ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਸਿਹਤ ਟੀਮਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਬਾਸੀ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ।
ਸਹਿਯੋਗ ਨਾਲ ਚੱਲ ਰਹੇ ਰਾਹਤ ਕਾਰਜ
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਿਹਤ ਵਿਭਾਗ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸਮੇਤ ਉੱਚ-ਖਤਰੇ ਵਾਲੇ ਖੇਤਰਾਂ ਵਿੱਚ ਡਾਕਟਰੀ ਤੇ ਰਾਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਐੱਸਡੀਆਰਐੱਫ, ਐੱਨਡੀਆਰਐੱਫ, ਫੌਜ, ਆਈਐੱਮਏ, ਰੈੱਡ ਕ੍ਰਾਸ ਅਤੇ ਵੱਖ-ਵੱਖ ਐੱਨਜੀਓਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਪ੍ਰਭਾਵਿਤ ਪਰਿਵਾਰ ਤੱਕ ਜਲਦੀ ਅਤੇ ਸਮੇਂ ’ਤੇ ਸਹਾਇਤਾ ਪਹੁੰਚਾਉਣਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।