ਚੰਡੀਗੜ੍ਹ : ਪੰਜਾਬੀ ਸਿਨੇਮਾ ਅਤੇ ਕਾਮੇਡੀ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਭੱਲਾ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸ਼ੁੱਕਰਵਾਰ ਸਵੇਰੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਏ।
ਭੱਲਾ ਦੇ ਅਚਾਨਕ ਦਿਹਾਂਤ ਨਾਲ ਪੂਰੇ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਰਹਿੰਦੀ ਪੰਜਾਬੀ ਕਮਿਊਨਿਟੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਫਿਲਮੀ ਜਗਤ ਨਾਲ ਜੁੜੇ ਕਈ ਕਲਾਕਾਰਾਂ, ਨੇਤਾਵਾਂ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾ ਰਹੀ ਹੈ।
ਇਸ ਮੌਕੇ ’ਤੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਭਾਵਨਾਵਾਂ ਸਾਂਝੀਆਂ ਕਰਦਿਆਂ ਲਿਖਿਆ ਕਿ “ਪੰਜਾਬ ਦੇ ਮਸ਼ਹੂਰ ਕਾਮੇਡੀਅਨ ਕਲਾਕਾਰ ਅਤੇ ਵਧੀਆ ਇਨਸਾਨ ਜਸਵਿੰਦਰ ਭੱਲਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਆਪਣੀ ਵਿਲੱਖਣ ਅਦਾਕਾਰੀ ਅਤੇ ਕਲਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕੀਤਾ। ਭੱਜਦੌੜ ਭਰੀ ਜ਼ਿੰਦਗੀ ਵਿੱਚ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਵਾਲੇ ਭੱਲਾ ਜੀ ਨੂੰ ਪੰਜਾਬੀ ਹਮੇਸ਼ਾਂ ਯਾਦ ਕਰਦੇ ਰਹਿਣਗੇ।”

ਜਸਵਿੰਦਰ ਭੱਲਾ ਦਾ ਨਾਂ ਪੰਜਾਬੀ ਫਿਲਮ ਉਦਯੋਗ ਵਿੱਚ ਹਾਸੇ ਦਾ ਪ੍ਰਤੀਕ ਸੀ। ਉਨ੍ਹਾਂ ਨੇ ਕਈ ਸਾਲਾਂ ਤੱਕ ਆਪਣੀ ਹਾਸ ਪਰਾਹੁਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਚਿਹਰਿਆਂ ’ਤੇ ਮੁਸਕਾਨ ਬਖ਼ਸ਼ੀ। “ਜੱਟ ਐਂਡ ਜੂਲੀਅਟ”, “ਕੈਰੀ ਆਨ ਜੱਟਾ”, “ਵਿਆਹ 70 ਕਿਮੀ” ਵਰਗੀਆਂ ਕਈ ਸਫਲ ਫਿਲਮਾਂ ਵਿੱਚ ਉਨ੍ਹਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਨਾ ਸਿਰਫ਼ ਪੰਜਾਬ, ਸਗੋਂ ਦੁਨੀਆ ਭਰ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸਦੇ ਹਨ, ਉੱਥੇ ਉਨ੍ਹਾਂ ਦੀ ਅਦਾਕਾਰੀ ਅਤੇ ਹਾਸਿਆ ਅੰਦਾਜ਼ ਨੂੰ ਬੜੀ ਪਸੰਦ ਕੀਤਾ ਗਿਆ।
ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਕਹਿ ਰਹੇ ਹਨ ਕਿ ਜਸਵਿੰਦਰ ਭੱਲਾ ਦਾ ਨਾ ਰਹਿਣਾ ਪੰਜਾਬੀ ਕਾਮੇਡੀ ਅਤੇ ਸਿਨੇਮਾ ਲਈ ਇਕ ਅਪੂਰਣੀਯ ਖੋਹ ਹੈ। ਉਨ੍ਹਾਂ ਦਾ ਖਾਲੀਪਨ ਕਦੇ ਭਰਿਆ ਨਹੀਂ ਜਾ ਸਕੇਗਾ।