ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਭੂ-ਸਖਲਨ ਕਾਰਨ ਹਾਲਾਤ ਬੇਹੱਦ ਗੰਭੀਰ ਹੋ ਗਏ ਹਨ। ਸੈਲਾਨੀਆਂ ਦਾ ਮਸ਼ਹੂਰ ਇਲਾਕਾ ਕੁੱਲੂ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ।
ਚੰਡੀਗੜ੍ਹ-ਕੁੱਲੂ ਹਾਈਵੇਅ ਕਈ ਥਾਵਾਂ ‘ਤੇ ਬੰਦ ਹੋਣ ਨਾਲ ਹਜ਼ਾਰਾਂ ਟਰੱਕ ਜਾਮ ਵਿੱਚ ਫਸ ਗਏ ਹਨ। ਇਨ੍ਹਾਂ ਟਰੱਕਾਂ ਵਿੱਚ ਲੱਖਾਂ ਰੁਪਏ ਦੇ ਸੇਬ, ਟਮਾਟਰ ਅਤੇ ਸਬਜ਼ੀਆਂ ਖਰਾਬ ਹੋ ਰਹੀਆਂ ਹਨ। ਇੱਕ ਟਰੱਕ ਦੀ ਲੋਡ ਕੀਮਤ ਲਗਭਗ 4 ਤੋਂ 4.5 ਲੱਖ ਰੁਪਏ ਹੈ। ਇਸ ਹਿਸਾਬ ਨਾਲ, 50 ਕਰੋੜ ਤੋਂ ਵੱਧ ਦੇ ਸੇਬ ਫਸੇ ਹੋਏ ਹਨ।
ਹਾਈਵੇਅ ਛੋਟੇ ਵਾਹਨਾਂ ਲਈ ਤਾਂ ਖੋਲ੍ਹ ਦਿੱਤਾ ਗਿਆ ਹੈ, ਪਰ ਟਰੱਕ ਅਜੇ ਵੀ ਫਸੇ ਪਏ ਹਨ।
ਦਿੱਲੀ-ਐਨਸੀਆਰ ‘ਚ ਸਪਲਾਈ ਸੰਕਟ ਦਾ ਖਤਰਾ
ਟਰੱਕਾਂ ਦੇ ਰੁਕਣ ਨਾਲ ਆਜ਼ਾਦਪੁਰ ਅਤੇ ਸਾਹਿਬਾਬਾਦ ਮੰਡੀਆਂ ਵਿੱਚ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਟਰੱਕ ਡਰਾਈਵਰਾਂ ਦੇ ਮੁਤਾਬਕ, ਉਹ ਕਈ ਦਿਨਾਂ ਤੋਂ ਕੁੱਲੂ ਵਿੱਚ ਫਸੇ ਹਨ ਅਤੇ ਸੇਬ ਸੜ ਰਹੇ ਹਨ।
ਰਾਸ਼ਟਰੀ ਰਾਜਮਾਰਗ ਨੂੰ ਵੱਡਾ ਨੁਕਸਾਨ
ਬਿਆਸ ਨਦੀ ਦੇ ਵਧੇਰੇ ਵਹਾਅ ਕਾਰਨ ਮਨਾਲੀ-ਕੁੱਲੂ ਹਾਈਵੇਅ ਬੁਰੀ ਤਰ੍ਹਾਂ ਖਰਾਬ ਹੋ ਗਿਆ ਹੈ। ਇੰਜੀਨੀਅਰਾਂ ਦੇ ਅਨੁਸਾਰ, ਕਈ ਥਾਵਾਂ ‘ਤੇ ਸੜਕ ਪੂਰੀ ਤਰ੍ਹਾਂ ਢਹਿ ਗਈ ਹੈ, ਜਿਸ ਕਾਰਨ ਮੁਰੰਮਤ ਕੰਮ ਜ਼ੋਰਾਂ ‘ਤੇ ਹੈ।
ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੇ ਮਾਨਸੂਨ ਵਿੱਚ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਦੁਕਾਨਾਂ ਤੇ ਘਰਾਂ ਨੂੰ ਨੁਕਸਾਨ
ਮਨਾਲੀ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕਈ ਦੁਕਾਨਾਂ, ਰੈਸਟੋਰੈਂਟ ਅਤੇ ਘਰ ਢਹਿ ਗਏ ਹਨ। ਬਿਲਾਸਪੁਰ ਜ਼ਿਲ੍ਹੇ ਵਿੱਚ ਵੀ ਮੀਂਹ ਕਾਰਨ ਇੱਕ ਘਰ ਢਹਿ ਗਿਆ, ਹਾਲਾਂਕਿ ਖੁਸ਼ਕਿਸਮਤੀ ਨਾਲ ਪਰਿਵਾਰ ਬਚ ਗਿਆ।
10 ਜ਼ਿਲ੍ਹਿਆਂ ਵਿੱਚ 584 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਰਾਤ ਤੋਂ ਲੈ ਕੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਹੋਇਆ। ਇਸ ਕਾਰਨ 10 ਜ਼ਿਲ੍ਹਿਆਂ ਦੀਆਂ 584 ਸੜਕਾਂ ਬੰਦ ਹਨ। ਕੇਵਲ ਮੰਡੀ ਜ਼ਿਲ੍ਹੇ ਵਿੱਚ ਹੀ 259 ਤੇ ਕੁੱਲੂ ਵਿੱਚ 167 ਸੜਕਾਂ ਬੰਦ ਹੋਈਆਂ ਹਨ।
ਇਸ ਨਾਲ ਨਾਲ 1155 ਬਿਜਲੀ ਟ੍ਰਾਂਸਫਾਰਮਰ ਤੇ 346 ਪਾਣੀ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।
ਹੁਣ ਤੱਕ 2,623 ਕਰੋੜ ਦਾ ਨੁਕਸਾਨ
20 ਜੂਨ ਤੋਂ 26 ਅਗਸਤ ਤੱਕ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ 158 ਲੋਕਾਂ ਦੀ ਜਾਨ ਗਈ, 38 ਲਾਪਤਾ ਹਨ।
ਇਸ ਦੌਰਾਨ 90 ਵਾਰ ਅਚਾਨਕ ਹੜ੍ਹ, 42 ਵਾਰ ਬੱਦਲ ਫਟਣ ਅਤੇ 85 ਵੱਡੇ ਭੂ-ਸਖਲਨ ਹੋ ਚੁੱਕੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਰਾਜ ਨੂੰ 2,623 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ।