ਜਲੰਧਰ/ਚੰਡੀਗੜ੍ਹ – 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਡਾ ਸੰਗਠਨਾਤਮਕ ਅਭਿਆਨ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਸੂਬੇ ਦੇ ਹਰ ਜ਼ਿਲ੍ਹੇ ਨੂੰ ਨਵੇਂ ਪ੍ਰਧਾਨ ਮਿਲਣਗੇ।
ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਹਾਈਕਮਾਂਡ ਨੇ 29 ਨਿਗਰਾਨ ਨਿਯੁਕਤ ਕੀਤੇ ਹਨ। ਇਸ ਦੀ ਜਾਣਕਾਰੀ ਕਾਂਗਰਸ ਦੇ ਜਨਰਲ ਸੈਕਟਰੀ ਕੇ.ਸੀ. ਵੇਨੂਗੋਪਾਲ ਨੇ ਦਿੱਤੀ। ਪੰਜਾਬ ਕਾਂਗਰਸ ਦੇ ਕੁੱਲ 29 ਸੰਗਠਨਾਤਮਕ ਜ਼ਿਲ੍ਹੇ ਹਨ ਅਤੇ ਹਰੇਕ ਜ਼ਿਲ੍ਹੇ ਲਈ ਨਵਾਂ ਪ੍ਰਧਾਨ ਤੈਅ ਕੀਤਾ ਜਾਵੇਗਾ।


ਯਾਦ ਰਹੇ ਕਿ 19 ਨਵੰਬਰ 2022 ਨੂੰ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਸੀ। ਉਸ ਵੇਲੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ। ਪਰ ਇਸ ਦੌਰਾਨ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ ਭਾਜਪਾ ਤੇ ਹੋਰ ਪਾਰਟੀਆਂ ਨਾਲ ਜੁੜ ਗਏ ਸਨ। ਅਜਿਹੇ ਹਾਲਾਤਾਂ ਵਿਚ ਕਈ ਵਿਧਾਇਕਾਂ ਨੂੰ ਹੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਕਾਂਗਰਸ ਦੇ ਨਿਯਮ ਅਨੁਸਾਰ ਜ਼ਿਲ੍ਹਾ ਪ੍ਰਧਾਨਾਂ ਦਾ ਕਾਰਜਕਾਲ 3 ਸਾਲ ਹੁੰਦਾ ਹੈ। ਇਸ ਮੁਤਾਬਕ ਅਗਲੀ ਚੋਣ ਪ੍ਰਕਿਰਿਆ ਕੁਝ ਮਹੀਨਿਆਂ ਵਿੱਚ ਸ਼ੁਰੂ ਹੋਣੀ ਹੈ। ਇਸ ਵਾਰ ਨਿਯੁਕਤ ਹੋਣ ਵਾਲੇ ਪ੍ਰਧਾਨਾਂ ਦੀ ਭੂਮਿਕਾ 2027 ਚੋਣਾਂ ਵਿੱਚ ਬਹੁਤ ਹੀ ਮਹੱਤਵਪੂਰਨ ਰਹੇਗੀ।