ਚੰਡੀਗੜ੍ਹ: ਪੰਜਾਬ ਤੋਂ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਲੱਖਾਂ ਬੈਂਕ ਖਾਤੇ ਅਜਿਹੇ ਹਨ, ਜਿਨ੍ਹਾਂ ਵਿੱਚ ਕਰੋੜਾਂ ਰੁਪਏ ਪਏ ਹਨ ਪਰ ਉਨ੍ਹਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ। ਇਹ ਹਾਲਾਤ ਵੇਖ ਕੇ ਇਉਂ ਲੱਗਦਾ ਹੈ ਜਿਵੇਂ ਪੰਜਾਬੀ ਆਪਣੇ ਹੀ ਕਰੋੜਾਂ ਰੁਪਏ ਭੁੱਲ ਗਏ ਹੋਣ।

ਰਿਪੋਰਟ ਅਨੁਸਾਰ, ਪੰਜਾਬ ਦੇ 2.01 ਕਰੋੜ ਬੈਂਕ ਖਾਤਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ। ਨਿਯਮਾਂ ਅਨੁਸਾਰ ਜਿਹੜੇ ਖਾਤੇ ਦੋ ਸਾਲ ਤੱਕ ਸੁੰਨੇ ਰਹਿੰਦੇ ਹਨ, ਉਨ੍ਹਾਂ ਨੂੰ ਬੈਂਕ ਇਨ-ਐਕਟਿਵ ਜਾਂ ਇਨ-ਅਪਰੇਟਿਵ ਵਜੋਂ ਦਰਜ ਕਰ ਦਿੰਦੇ ਹਨ। ਅਜਿਹੇ ਖਾਤਿਆਂ ਵਿੱਚ ਮਿਲਾਕੇ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਜਮ੍ਹਾਂ ਹੈ।

ਜਨ ਧਨ ਯੋਜਨਾ ਦੇ ਖਾਤੇ ਵੀ ਸੁੰਨੇ

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਪੰਜਾਬ ਵਿੱਚ ਇਸ ਵੇਲੇ 90.97 ਲੱਖ ਬੈਂਕ ਖਾਤੇ ਖੁੱਲ੍ਹੇ ਹੋਏ ਹਨ, ਜਿਨ੍ਹਾਂ ਵਿੱਚ 301.45 ਕਰੋੜ ਰੁਪਏ ਪਏ ਹਨ। ਹਾਲਾਂਕਿ ਬਹੁਤ ਸਾਰੇ ਖਾਤਿਆਂ ਵਿੱਚ ਪਿਛਲੇ ਸਮੇਂ ਦੌਰਾਨ ਕੋਈ ਹਿਲਜੁਲ ਨਹੀਂ ਹੋਈ।

ਐਸ.ਬੀ.ਆਈ. ਅਤੇ ਪੀ.ਐਨ.ਬੀ. ਦੇ ਹਾਲਾਤ

ਸਟੇਟ ਬੈਂਕ ਆਫ ਇੰਡੀਆ ਦੇ ਸੇਵਿੰਗ ਖਾਤਿਆਂ ਵਿੱਚ 1.42 ਕਰੋੜ ਰੁਪਏ, ਜਦੋਂ ਕਿ ਪੰਜਾਬ ਨੈਸ਼ਨਲ ਬੈਂਕ ਦੇ 1.31 ਕਰੋੜ ਸੇਵਿੰਗ ਖਾਤੇ ਦਰਜ ਹਨ। ਪੀ.ਐਨ.ਬੀ. ਦੇ ਲਗਭਗ 59 ਲੱਖ ਖਾਤਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਇਨ੍ਹਾਂ ਵਿੱਚ ਕੁੱਲ 3323.85 ਕਰੋੜ ਰੁਪਏ ਪਏ ਹਨ।

ਕਿਉਂ ਸੁੰਨੇ ਰਹਿੰਦੇ ਹਨ ਖਾਤੇ?

ਬੈਂਕ ਅਧਿਕਾਰੀਆਂ ਅਨੁਸਾਰ ਅਕਸਰ ਉਹ ਖਾਤੇ ਸੁੰਨੇ ਰਹਿੰਦੇ ਹਨ ਜਿਨ੍ਹਾਂ ਦੇ ਮਾਲਕ ਵਿਦੇਸ਼ ਚਲੇ ਜਾਂਦੇ ਹਨ ਜਾਂ ਬੱਚਿਆਂ ਨੇ ਖਾਤੇ ਖੁੱਲ੍ਹਵਾਉਣ ਤੋਂ ਬਾਅਦ ਦੇਸ਼ ਛੱਡ ਦਿੱਤਾ ਹੋਵੇ। ਇਸ ਤੋਂ ਇਲਾਵਾ ਸੇਵਾਮੁਕਤ ਕਰਮਚਾਰੀਆਂ ਦੇ ਮਾਮਲੇ ਵਿੱਚ ਜਾਂ ਖਾਤਾ ਧਾਰਕ ਦੀ ਮੌਤ ਹੋਣ ਕਾਰਨ ਵੀ ਅਜਿਹੇ ਖਾਤੇ ਬੰਦ ਪਏ ਰਹਿੰਦੇ ਹਨ।

ਬੈਂਕਾਂ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ‘ਤੇ ਆਪਣੇ ਖਾਤਿਆਂ ਦੀ ਵਰਤੋਂ ਕਰਨ ਲਈ ਚੇਤਾਵਨੀ ਦਿੱਤੀ ਜਾਂਦੀ ਹੈ, ਤਾਂ ਜੋ ਉਹ ਇਨਐਕਟਿਵ ਸ਼੍ਰੇਣੀ ਵਿੱਚ ਨਾ ਜਾਣ। ਹਾਲਾਂਕਿ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਇਸ ਵੇਲੇ ਕਰੋੜਾਂ ਰੁਪਏ ਲੋਕਾਂ ਦੇ ਆਪਣੇ ਹੀ ਬੈਂਕ ਖਾਤਿਆਂ ਵਿੱਚ ਸੁੱਤੇ ਪਏ ਹਨ।

Leave a Reply

Your email address will not be published. Required fields are marked *