ਚੰਡੀਗੜ੍ਹ (ਵੈੱਬ ਡੈਸਕ): ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਦੇ ਘਰ ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਛਾਪਾਮਾਰੀ ਕੀਤੀ। ਇਸ ਕਾਰਵਾਈ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮ ਹੋ ਗਿਆ ਹੈ ਅਤੇ ਵੱਖ-ਵੱਖ ਪੱਖਾਂ ਤੋਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਰੇਡ ’ਤੇ ਤਿੱਖਾ ਪ੍ਰਹਾਰ ਕਰਦਿਆਂ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਕਾਰਵਾਈ ਕੋਈ ਆਮ ਜਾਂਚ ਨਹੀਂ, ਬਲਕਿ ਰਾਜਨੀਤਿਕ ਬਦਲੇ ਦੀ ਕਾਰਵਾਈ ਹੈ। ਮਾਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਦੇਸ਼-ਵਿਆਪੀ ਚਰਚਾ ਚੱਲ ਰਹੀ ਹੈ ਅਤੇ ਇਸ ਮਸਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ED ਵੱਲੋਂ ਇਹ ਰੇਡ ਕੀਤੀ ਗਈ ਹੈ।

ਮੁੱਖ ਮੰਤਰੀ ਮਾਨ ਨੇ ਆਪਣੇ ਅਧਿਕਾਰਕ ‘X’ (ਟਵਿੱਟਰ) ਹੈਂਡਲ ਰਾਹੀਂ ਲਿਖਿਆ, “ਅੱਜ ਸੌਰਭ ਭਾਰਦਵਾਜ ਦੇ ਘਰ ਰੇਡ ਕੀਤੀ ਗਈ ਕਿਉਂਕਿ ਕੱਲ੍ਹ ਤੋਂ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਲੋਕ ਚਰਚਾ ਕਰ ਰਹੇ ਹਨ ਕਿ ਕੀ ਮੋਦੀ ਜੀ ਦੀ ਡਿਗਰੀ ਅਸਲੀ ਹੈ ਜਾਂ ਫਰਜ਼ੀ। ਇਹ ਰੇਡ ਸਿਰਫ਼ ਲੋਕਾਂ ਦਾ ਧਿਆਨ ਇਸ ਮਸਲੇ ਤੋਂ ਹਟਾਉਣ ਲਈ ਹੈ।”
ਮਾਨ ਨੇ ਸਤੇਂਦਰ ਜੈਨ ਦੇ ਕੇਸ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ, “ਸਤੇਂਦਰ ਜੈਨ ਨੂੰ ਝੂਠੇ ਕੇਸ ’ਚ ਤਿੰਨ ਸਾਲ ਤੱਕ ਜੇਲ੍ਹ ਵਿਚ ਰੱਖਿਆ ਗਿਆ। ਪਰ ਬਾਅਦ ਵਿੱਚ CBI ਅਤੇ ED ਖੁਦ ਹੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦੇਣ ਲਈ ਮਜਬੂਰ ਹੋ ਗਏ। ਇਸ ਨਾਲ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਰੁੱਧ ਬਣਾਏ ਗਏ ਜ਼ਿਆਦਾਤਰ ਕੇਸ ਰਾਜਨੀਤਿਕ ਪ੍ਰੇਰਿਤ ਅਤੇ ਫ਼ਰਜ਼ੀ ਹੁੰਦੇ ਹਨ।”
ਇਹ ਪਹਿਲੀ ਵਾਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਰੁੱਧ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਆਪ ਦੇ ਮੰਤਰੀਆਂ ਅਤੇ ਆਗੂਆਂ ’ਤੇ ਕਾਰਵਾਈ ਹੋ ਚੁੱਕੀ ਹੈ, ਜਿਸਨੂੰ ਪਾਰਟੀ ਨੇ ਹਮੇਸ਼ਾਂ ਰਾਜਨੀਤਿਕ ਬਦਲੇ ਨਾਲ ਜੋੜ ਕੇ ਦੇਖਿਆ ਹੈ।